Sunday, 22 February 2015

ਕਰੰਡ


ਨਰਮਾਂ ਸਾਡੇ ਪਿਆਰ ਦਾ
ਕਾਰਪੋਰੇਸ਼ਨਾਂ ਦੀ ਮਾਰ ਨਾਲ
ਕਰੰਡ ਹੋ ਗਿਆ,
ਅਫ਼ਸਰਸ਼ਾਹੀ ਦੀ ਪੰਜਾਲ਼ੀ
ਰਾਜਨੀਤੀ ਦਾ ਹਲ਼
ਰਿਸ਼ਵਤਖੋਰੀ ਦੀ ਚੌ ਨਾਲ
ਹਾਲ਼ੀ ਦਾ ਬਲਦ ਡੰਗ ਹੋ ਗਿਆ,
ਮੈਨਸੈਂਟੋ ਦਾ ਜੈਨੇਟਿਕ ਮੌਡੀਫਾਈਡ ਬੀਜ
ਹਰ ਸਾਲ ਨਹੀਂ ਉੱਗਦਾ
ਆਰਥਿਕ ਗੁਲਾਮੀ ਦਾ
ਝੰਡਾ ਬੁਲੰਦ ਹੋ ਗਿਆ,
ਸਮਾਜ ਖੜ੍ਹੇ ਪਾਣੀ ਦਾ ਛੱਪੜ
ਵਿੱਚ ਉੱਗੀ ਜਿਲ਼ਬ
ਉੱਤੇ ਲਿਖਿਆ ਤੇਰਾ
"ਆਈ ਲਵ ਯੂ"
ਪਲਾਂ ਵਿੱਚ ਬੇਰੰਗ ਹੋ ਗਿਆ,
--- ਕਰੰਡ ਫੁੱਟੇਗੀ ਓਸ ਦਿਨ
ਜਦ ਬੈੱਡਰੂਮ ਵਿੱਚ ਬਣੀ ਲਾਇਬਰੇਰੀ
ਰੋਟੀ ਵਾਲੇ ਛਾਬੇ ਕੋਲ
ਕਿਤਾਬਾਂ ਦਾ ਛਿੱਕੂ ਟੰਗ ਹੋ ਗਿਆ---
****
ਗੁਰਮੇਲ ਬੀਰੋਕੇ

Monday, 24 February 2014

ਕਨੇਡਾ ਵਿੱਚ ਪੰਜਾਬੀ ਬੋਲੀਆਂ- 02


ਬੈੱਡ ਰੂਮ ਨਾ ਨਰਮਾਂ ਉੱਗੇ
ਬਾਥਰੂਮ ਨਾ ਜੀਰੀ
ਬਾਬਲ ਮੇਰੇ ਨੂੰ ਸੁਣਾਦੇ ਅੰਮੀਏ
ਮੇਰੀ ਅਰਜ਼ ਅਖੀਰੀ
ਨਾ ਕਨੇਡੇ ਵਿਆਹੇ ਮੈਂਨੂੰ
ਪਾਏ ਨਾ ਦੂਰ ਸ਼ਕੀਰੀ
ਨਾ ਉਥੇ ਮੋਰ ਬੋਲਦੇ
ਕੋਇਲਾਂ ਨਾ ਟਟਹੀਰੀ
ਨਾ ਸਹੇਲੀ ਨੂੰ ਸਹੇਲੀ ਲੱਭੇ
ਕੋਈ ਨਾ ਦੁੱਖਾਂ ਦਾ ਸੀਰੀ
ਜਿਉਂਦੇ ਜੀ ਵਿਛੋੜਾ ਮਾੜਾ
ਜੈ ਨੂੰ ਖਾਏ ਅਮੀਰੀ
"ਡਾਲੇ" ਦੀਆਂ ਚਮਕਾਂ ਨਾਲੋਂ
ਚੰਗੀ ਕਿਤੇ ਫ਼ਕੀਰੀ
ਕੰਮ ਕਨੇਡਾ ਦੇ 
ਬੰਦੇ ਬਣੇ ਭੰਬੀਰੀ ---

*****
ਰਾਤ ਦਿਨ ਪੁੱਠੇ ਵਿੱਚ ਕਨੇਡਾ
ਪੁੱਠੇ ਇਥੇ ਧੰਦੇ
ਤੀਵੀਂ ਨੂੰ ਤੀਵੀਂ ਵਿਆਹੇ
ਬੰਦਾ ਵਿਆਹੇ ਬੰਦੇ
ਸੋਹਣੇ ਬੈੱਡ ਲੱਕੜ ਦੇ
ਨਵਾਰੀ ਹੈ ਨਾ ਮੰਜੇ
ਵੰਨ ਸਵੰਨੇ ਖਾਣੇ ਮਿਲਦੇ
ਦੋਗਲੇ ਆਲੂ ਗੰਢੇ
ਪਰਵਾਸੀ ਬਣਨਾਂ ਸੌਖਾ ਨ੍ਹੀਂ
ਚੱਲਣ ਮਨ ਉੱਤੇ ਰੰਦੇ
ਭਾਰਤੀ ਸਿਸਟਮ ਵਿਗੜ ਗਿਆ
ਲੀਡਰ ਹੋਗੇ ਗੰਦੇ
ਦਿਲ ਦੇ ਲੋਗੜ 'ਤੇ
ਰਜਾਈ ਵਾਂਗ ਨਗੰਦੇ ---

*****

ਮਸ਼ੀਨਾਂ ਵਰਗੀ ਜ਼ਿੰਦਗੀ ਇਥੇ
ਸਾਡੇ ਹਾਲ ਕਿਹੜਾ ਦੇਖੇ
ਤੇਰੇ ਵਿਛੋੜੇ ਪੱਟਤੀ ਮਿੱਤਰਾ
ਜਾਂਦੀ ਨਿੱਤ ਮੈਂ ਠੇਕੇ
ਸਹੁਰੇ ਮੇਰੇ ਬਣਨੇ ਨਾਹੀਂ
ਮੇਰੇ ਬਣੇ ਨਾ ਪੇਕੇ
ਲਾਲਚੀ ਮਾਪਿਆਂ ਕਨੇਡੇ ਵਿਆਹੀ
ਫੁੱਟਗੇ ਮੱਥੇ ਦੇ ਲੇਖੇ
ਤੇਰੀ ਵੇ ਸੰਧੂਰੀ ਪੱਗ ਦੇ
ਟਰਾਂਟੋ ਪੈਣ ਭੁਲੇਖੇ ---

******
ਗੁਰਮੇਲ ਬੀਰੋਕੇ
ਫੋਨ: 001-604-825-8053

Monday, 7 October 2013

ਹੀਰ

ਹੀਰ
***
(ਉੱਚਾ ਬੁਰਜ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਚਾਰੇ ਨੈਣ ਕਟਾ ਵੱਢ ਹੋਗੇ
ਕੀਹਦੀ ਹਾਮੀਂ ਭਰੀਏ…। --- ਇੱਕ ਲੋਕ ਬੋਲੀ)

ਹਾਮੀਂ ਤਾਂ ਆਪਣੀ ਨ੍ਹੀਂ ਭਰ ਹੁੰਦੀ, ਕੁੜੇ
ਭੁੱਖਾ ਤਨ ਤੇ ਬੇ-ਵਿਸਾਹਾ ਮਨ ਹੈ
ਮੈਨੂੰ ਪਤਾ ਏ 
ਤੂੰ ਮੇਰੀ ਹੀਰ ਬਣਨਾਂ ਲੋਚਦੀ
ਪਰ ਮੈਥੋਂ ਤੇਰਾ ਰਾਂਝਾ ਨ੍ਹੀਂ ਬਣਿਆਂ ਜਾਣਾਂ
ਅੱਜ ਹੀਰੇ ਤੇਰੀ ਕਹਾਣੀ
ਪੁੱਠੀ ਲਿਖੀ ਜਾਣੀਂ…
ਬੇਲਿਆਂ 'ਚ ਮੈਥੋਂ ਮੱਝਾਂ ਨਹੀਂ ਚਾਰੀਆਂ ਜਾਣੀਆਂ
ਤੇਰੇ ਬਾਪੂ ਦੀ ਮਜਦੂਰੀ
ਤੇਰੇ ਛੰਨੇ ਵਾਲੀ ਚੂਰੀ
ਮਹਿੰਗਾਈ ਦੇ ਜਮਾਨੇ ਘੱਟ ਰਹਿ ਜਾਣੀਂ,
ਰੁਜ਼ਗਾਰ ਖਾਤਰ
ਰਾਂਝਾ ਤੇਰਾ ਪ੍ਰਦੇਸ਼ੀ ਹੋ ਜਾਊ ਬੇਲਾ ਛੱਡਕੇ
ਵਿਆਹੁਣ ਤੈਨੂੰ ਸੈਦਾ ਵੀ ਨਹੀਂ ਆਉਣਾਂ,
ਸਰਮਾਏਦਾਰੀ ਯੁੱਗ ਵਿੱਚ
ਅਫਸਰ-ਸ਼ਾਹੀ ਨਾਲ ਮਿਲਕੇ 
ਨਸ਼ਿਆਂ ਦਾ ਵਿਉਪਾਰ ਕਰਦਾ ਹੋਣਾ ਸੈਦਾ ਕਾਣਾਂ…
ਤੇਰਾ ਚਾਚਾ ਕੈਦੋਂ
ਕਲਰਕ ਹੋਣਾ ਏ 
ਕਿਸੇ ਸਰਕਾਰੀ ਦਫਤਰ ਦਾ,
ਉਹਦੇ ਕੋਲ
ਸਮਾਂ ਨ੍ਹੀਂ ਹੋਣਾਂ ਭਾਨੀਂ ਮਾਰਨ ਦਾ
ਚਮਚੀ ਮਾਰਦਾ ਹੋਣਾਂ ਏ ਵੱਡੇ ਅਫਸਰ ਦੀ,
ਆਪਣੇ ਕੋਲ ਸਮਾਂ ਨ੍ਹੀਂ ਹੋਣਾਂ ਮਿਲਣ ਦਾ…
ਪੰਜਾਂ ਪਾਣੀਆਂ ਦੀ ਧਰਤ ਉੱਤੇ
ਬੱਚੇ ਤੋਂ ਬੁੱਢੇ ਤੱਕ
ਗਾਈ ਜਾਣ ਵਾਲੀ "ਹੀਰ"
ਅੱਜ ਕਿਹੜਾ ਵਾਰਸਸ਼ਾਹ ਲਿਖੇਗਾ ?
ਕਿਉਂਕਿ ਕਿੰਨੇ ਹੀ ਵਾਰਸਸ਼ਾਹ
ਤਨਖਾਹਾਂ ਨਾ ਮਿਲਣ ਕਰਕੇ
ਮਟਕਾ ਚੌਂਕ ਦੇ ਧਰਨੇ ਵਿੱਚ
ਸ਼ਿਕਾਰ ਹੋ ਗਏ ਸਰਕਾਰੀ ਜਬਰ ਦਾ…
ਕਿੰਨੇ ਹੀ ਬੇਰੁਜਗਾਰੀ ਦੇ ਮਾਰੇ
ਵਿਦੇਸ਼ੀਂ ਜਾ
ਧੰਦ ਪਿੱਟਦੇ ਹਨ ਰੋਟੀ ਵਾਸਤੇ…
ਉੱਚੇ ਬੁਰਜ ਦੀ ਮੋਰੀ
ਦੀਵਾ ਵਿਧ ਬਣਾਕੇ ਜਰੂਰ ਧਰ, ਕੁੜੇ
ਲੋਅ ਦੀਵੇ ਦੀ
ਜਦ ਫੈਲੇਗੀ ਚੌਂਹ ਕੂਟੀਂ,
ਖੇੜਿਆਂ ਦੀਆਂ ਗਲੀਆਂ ਵਿੱਚੋਂ
ਸ਼ਾਇਦ ਉਨ੍ਹਾਂ ਸੂਰਜਾਂ ਦੀਆਂ
ਲੋਥਾਂ ਹੀ ਲੱਭ ਜਾਣ
ਜਿੰਨਾਂ ਨੂੰ ਚਾਨਣ ਵੰਡਦਿਆਂ-ਵੰਡਦਿਆਂ ਨੂੰ ਹੀ
ਚੌਧਰੀਆਂ ਨੇ ਛਿਪਾ ਦਿੱਤਾ ਸੀ ਸਿੱਖਰ ਦੁਪਿਹਰੇ…
ਫਿਰ ਹੋਰ ਸੂਰਜ ਉੱਗਣਗੇ
ਉਨ੍ਹਾਂ ਸੂਰਜਾਂ ਦੀਆਂ ਕਬਰਾਂ ਉੱਤੇ…
ਹੋਰ ਸੂਰਜ ਜਰੂਰ ਉੱਗਣਗੇ…
ਹਨੇਰਾ ਮੁਕਾਉਣ ਲਈ…।
*******
ਗੁਰਮੇਲ ਬੀਰੋਕੇ

ਅਜ਼ਾਦੀ

ਅਜ਼ਾਦੀ

ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ

ਅਜ਼ਾਦੀ ਹੀਰ ਸਲੇਟੀ ਸਾਡੀ, ਅਮੀਰਾਂ ਰਖੇਲ ਬਣਾ ਲਈ
ਕਤਲ ਕਰਨਾਂ, ਡਾਕੇ ਮਾਰਨਾਂ ਲੀਡਰਾਂ ਖੇਲ ਬਣਾ ਲਈ
ਕਰਮ ਵੇਚਦੇ, ਧਰਮ ਵੇਚਦੇ, ਭੁੱਲਦੇ ਦੇਸ਼ ਲਈ ਸੌਂਹ ਖਾਧੀ
ਦੱਸੀਂ ਵੀਰ ਭਗਤ ਸਿੰਆਂ………

ਅਖਬਾਰਾਂ ਟੀ ਵੀ ਰਿਸ਼ਵਤ ਖੋਰੇ,  ਕੀਹਨੂੰ ਸੱਚ ਸੁਣਾਈਏ
ਖਾਧ ਖੁਰਾਕਾਂ ਸਭ ਬਣਨ ਬਨਾਉਟੀ  ਕਿਥੋਂ ਚੰਗਾ ਖਾਈਏ
ਚੋਰਾਂ ਨੂੰ ਮਾਂਹ ਫਿੱਟ ਬੈਠਗੇ, ਜਨਤਾ ਨੂੰ ਕਰ ਗਏ ਵਾਦੀ
ਦੱਸੀਂ ਵੀਰ ਭਗਤ ਸਿੰਆਂ………

ਗਲ਼ਾਂ ਵਿੱਚ ਟਾਇਰ ਪਾ, ਇਨਸਾਨਾਂ ਨੂੰ ਇਨਸਾਨ ਸਾੜਦੇ
ਧਰਮਾਂ ਨਾæ ਧਰਮ ਲੜਾ, ਧਰਮੀਂ ਥਾਵਾਂ 'ਤੇ ਫੌਜਾਂ ਚਾੜ੍ਹਦੇ
ਰੱਬ ਦੇ ਨਾਂ 'ਤੇ ਖੋਲ੍ਹ ਦੁਕਾਨਾਂ, ਦੇਸ਼ ਦੀ ਕਰਨ  ਬਰਬਾਦੀ
ਦੱਸੀਂ ਵੀਰ ਭਗਤ ਸਿੰਆਂ………

ਜੱਟ ਦੇ ਪੈਰੀਂ ਬਿਆਈਆਂ, ਜੱਟੀ ਦੇ ਹੱਥ ਸਿੱਕਰੀਆਂ ਪਾੜੇ
ਅਣ-ਜੰਮੀਆਂ ਧੀਆਂ ਮਾਰਨ ਇਥੇ ਮੁੱਲ ਵਿੱਕਦੇ ਹਨ ਲਾੜੇ
ਕੋਠੇ ਜਿੱਡੀ ਧੀ ਸੀਰੀ ਦੀ, ਪੈਸੇ ਖੁਣੋ ਰੁਕ ਜਾਂਦੀ ਹੈ ਸ਼ਾਦੀ
ਦੱਸੀਂ ਵੀਰ ਭਗਤ ਸਿੰਆਂ………

ਵਪਾਰੀ ਲੁੱਟਕੇ ਖਾਗੇ, ਕੋਈ ਨਾ ਸੁਣਦਾ ਕ੍ਰਿਤੀ ਦੀਆਂ ਧਾਹਾਂ
ਝੂਠੇ ਪੁਲਿਸ ਮੁਕਾਬਲੇ ਪੁੱਤ ਮਾਰਤੇ ਕੌਣ ਵਿਰਾਵੇ ਰਂੋਦੀਆਂ ਮਾਵਾਂ
ਧੰਨ ਧੰਨ ਝੂਠ ਦੀ ਹੋਵੇ ਇਥੇ ਸੱਚਾ ਰਹਿੰਦਾ ਸਦਾ ਹੀ ਫਾਡੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ

ਨਾ ਇਥੇ ਕੋਈ ਧਰਮੀਂ ਦਿਸਦਾ, ਨਾ ਸੱਚਾ ਮਰਕਸਵਾਦੀ
ਦੱਸੀਂ ਵੀਰ ਭਗਤ ਸਿੰਆਂ ਸਾਡੇ ਪਿੰਡ ਕਦ ਆਊ ਅਜ਼ਾਦੀ

******************

                                                       
ਗੁਰਮੇਲ ਬੀਰੋਕੇ

                   

Monday, 6 May 2013

ਸ਼ਾਹੀ ਮਹਿਲਾਂ ਵਾਲ਼ੀ ਦੇ ਨਾਮ

ਸ਼ਾਹੀ  ਮਹਿਲਾਂ ਵਾਲ਼ੀ ਦੇ ਨਾਮ

ਤੇਰੀਆਂ ਜੁਲਫਾਂ ਦੀ ਤਾਰੀਫ ਕਿਵੇਂ ਕਰਾਂ ?
ਮੇਰੀ ਬੇਬੇ ਤੇ ਬਾਪੂ ਦੇ ਵਾਲ ਸਦਾ
ਗਰਨਿਆਂ 'ਚੋਂ ਕੱਢੀ ਸਣ ਵਾਗੂੰ
ਕਰਜੇ ਵਿੱਚ ਉਲ਼ਝੇ ਰਹੇ …।
ਤੈਨੂੰ ਫੁੱਲਾਂ ਦੇ "ਬੁੱਕੇ" ਕਿੰਝ ਦਿਆਂ ?
ਸਾਡੇ ਨਰਮੇਂ ਦੇ ਫੁੱਲਾਂ ਨੂੰ
ਅਮਰੀਕਨ ਸੁੰਡੀ ਨੇ ਖਾ ਲਿਆ …।
ਤੂੰ  "ਵਾਲਮਾਰਟ" ਦੇ "ਪੌਪ ਕੌਰਨ"
"ਕਾਸਕੋ" ਦਾ ਲੂਣ ਭੁੱਕਕੇ ਖਾਂਦੀ ਰਹਿ
ਸਾਡੇ ਪਿੰਡ ਤਾਂ ਪੰਜਾਬੋ ਝਿਉਰੀ ਦੀ ਭੱਠੀ
ਰਾਤੀਂ ਕੋਈ ਢਾਹ ਗਿਆ…।
"ਕੋਕਾ-ਕੋਲਾ" ਤੇ "ਪੈਪਸੀ"
ਤੈਨੂੰ ਭਾਉਂਦੇ ਨੇ
ਤੇਰੇ ਮੰਤਰੀ ਅੰਕਲ ਦੀ ਫੈਕਟਰੀ ਦਾ ਪ੍ਰਦੂਸ਼ਤ ਪਾਣੀ
ਸਾਡੇ ਪਿੰਡ ਦਾ ਪਾਣੀ 
ਜ਼ਹਿਰ ਬਣਾ ਗਿਆ…।
ਕੌਮੀ ਝੰਡਾ ਲਹਿਰਾਉਣ ਵਾਲੇ ਮਲਕ ਭਾਗੋ
ਯਾਰ ਨੇ ਤੇਰੇ ਡੈਡੀ ਦੇ
ਭਾਈ ਲਾਲੋ ਮਿੱਤਰ ਹੈਨ 
ਮੇਰੇ ਬਾਪੂ ਦੇ…।
ਲਾਲ ਕਿਲਾ ਜਿੰਨਾ ਚਿਰ
ਰਾਵਣਾ ਨੂੰ ਵਜ਼ੀਰ ਬਣਾਉਦਾ ਰਹੂ
ਦੇਗ ਵਿੱਚ ਉਬਾਲਦਾ ਰਹੂ
ਦਿਆਲਿਆਂ ਨੂੰ
ਸਾਡਾ ਰਿਸ਼ਤਾ ਉਦੋਂ ਤੱਕ
ਨਹੀਉਂ ਪੁੱਗਣਾ…… ਨਹੀਉਂ ਪੁੱਗਣਾ…।।



ਗੁਰਮੇਲ ਬੀਰੋਕੇ

ਈਮੇਲ-gurmailbiroke@gmail.com

ਕਨੇਡਾ ਵਿੱਚ ਪੰਜਾਬੀ ਬੋਲੀਆਂ- 01

ਕਨੇਡਾ ਵਿੱਚ ਪੰਜਾਬੀ ਬੋਲੀਆਂ / ਗੁਰਮੇਲ ਬੀਰੋਕੇ





ਰਿਚਮੰਡ, ਬਰਨਵੀ ਕੋਲ਼ੋ ਕੋਲ਼ੀ
ਨੇੜੇ ਵੈਨਕੂਵਰ ਲੱਗੇ,
ਸਗੂੰ ਡੈਲਟਾ ਸਕਾਟ ਰੋੜ ਕੱਟਦੀ
ਨੇੜੇ ਦਰਿਆ ਫਰੇਜ਼ਰ ਵੱਗੇ,
ਐਬਟਸਫੋਰਡ ਤੇ ਚਿਲਾਵੈਕ ਦੂਰ ਸੁਣੀਦੇ
ਪੰਜਾਬੀ ਓਹਤੋਂ ਵਸਦੇ ਅੱਗੇ,
ਇਹ ਭੋਂ ਸਾਡੇ ਕਰਮਾਂ ਦੀ
ਹੁਣ ਪੰਜਾਬਣ ਲੱਗੇ***


ਪਹਾੜਾਂ 'ਚੋਂ ਚੜ੍ਹਦਾ ਸੂਰਜ
ਡੁੱਬੇ ਸਮੁੰਦਰੀਂ ਜਾਕੇ,
ਦੂਜਾ ਪੰਜਾਬ ਇੱਥੇ ਵਸਦਾ
ਦੇਖ ਲਿਆ ਵੈਨਕੂਵਰ ਆਕੇ,
ਤਿੰਨ ਡਬਲਯੂ ਬੰਦੇ ਦੇ ਵੈਰੀ
ਰੱਖਦੇ ਥੱਲੇ ਲਾਕੇ,
ਪਿਆਰ ਦਿਆ ਬੱਦਲਾ ਵੇ-
ਫੱਟ ਜਾ ਕਨੇਡਾ ਆ ਕੇ***



ਕਨੇਡਾ ਆਕੇ ਲਾਸੰਸ ਲੈ ਲਿਆ
ਧਿਆਨਾ ਬੁੜਾ ਕਾਰ ਚਲਾਵੇ।
ਕੱਚਾ ਲਾਸੰਸ ਧੰਨੋ ਦਾ ਲੈ 'ਤਾ,
ਪੰਜਾਬੀ 'ਚ ਕਮਪਿਊਟਰ ਚਲਾ ਕੇ-
ਬੁੜਾ, ਬੁੜੀ ਨੂੰ ਲੈਸਨ ਦੇਵੇ।
ਸਟੇਰਿੰਗ 'ਤੇ ਬਰੋਬਰ ਬਠਾਕੇ
ਤੂੰ ਤੂੰ, ਮੈਂ ਮੈਂ ਹੋਗੀ ਮਿੱਤਰੋ।
ਬੁੜੀ ਕਹੇ ਖ਼ਸਮਾਂ ਨੂੰ ਸਿਆਪਾ ਖਾਵੇ,
ਹਾਈ- ਵੇਅ ਚੜ੍ਹਕੇ ਲਾਗਿਆ ਜੱਫਾ
ਕਿਹੜਾ ਆਣ ਛੁੜਾਵੇ,
ਅੰਬੋ ਸਿੱਖਦੀ ਨਾ
ਬਾਬਾ ਕੁੱਟ ਕੇ ਕਾਰ ਸਿਖਾਵੇ***


ਉੱਚਾ ਬੁਰਜ ਬਰੋਬਰ ਮੋਰੀ
ਦੀਵਾ ਵਿੱਧ ਬਣਾ ਕੇ ਧਰਿਆ
ਕਨੇਡੀਅਨ ਲੰਗੜਾ ਮੁੰਡਾ
ਪੰਜਾਬਣ ਮਲਮਲ ਵਰਗੀ ਵਰ੍ਹਿਆ,
ਹਵਾਈ ਅੱਡੇ ਤੋਂ ਭੱਜੀ ਪੰਜਾਬਣ
ਰਹਿ ਗਿਆ ਹੱਥ 'ਚ 'ਬੁੱਕਾ' ਫੜਿਆ,
ਵੇ ਜੋੜੀਆਂ ਬਣਾਈਂ ਬਾਬਲਾ
ਨਰੜ ਨਾ ਜਾਵੇ ਜੜਿਆ****


ਵੇਨਕੂਵਰ ਪਹੁੰਚੀ ਵਹੁਟੀ
ਆ ਕੇ ਪਾ ਲਿਆ ਝੱਜੂ
ਕਦੇ ਨਾ ਵਰਸੂਗਾ
ਜਿਹੜਾ ਗੜ ਗੜ ਗੱਜੂ****




ਇੰਡੀਆ ਆਲੀ ਆਦਤ ਨਾ ਜਾਵੇ
ਨਜ਼ਾਰਾ ਆਉਂਦਾ ਪੁੱਠੇ ਕੰਮ ਕਰਕੇ,
ਲਾਲ ਬੱਤੀ 'ਚੋਂ ਗੱਡੀ ਕੱਢ 'ਤੀ
ਐਕਸੀਡੈਂਟ ਬਹਿ ਗਿਆ ਕਰਕੇ
ਮਗਰੋਂ ਆ ਗਿਆ ਪੁਲਸੀਆ
ਠਾਣੇ ਲੈ ਗਿਆ ਫੜਕੇ,
ਨੀ ਛੁਡਾ ਲੈ ਵੈਰਨੇ
ਟੂਮਾਂ ਗਹਿਣੇ ਧਰਕੇ****


ਬੌਸ ਫੈਕਟਰੀ ਦਾ ਗੰਦਾ ਸੁਣੀਂਦਾ
ਟੇਡਾ ਟੇਡਾ ਝਾਕੇ,
ਗਰਨਿ ਪਿੰਡਾ ਫੂਕਦੈ
ਜੌਬ ਲੱਭਾਂ ਕਿਹੜੇ ਪਾਸੇ,
ਲਾਲਚ ਡਾਲਰਾਂ ਦਾ
ਵੈਰੀ ਹੋਗੇ ਮਾਪੇ****



ਛੇ ਮਹੀਨਿਆਂ ਦਾ ਸਾਗ ਬਣਾਤਾ
ਧਰ 'ਤਾ ਫਰਿਜ 'ਚ ਲਾ ਕੇ,
ਲੰਚ ਬਣਾਉਣ ਨੂੰ ਟਾਈਮ ਨੀਂ ਹੈਗਾ 
ਖਾਲੀਂ ਪੀਜਾ ਲਿਆ ਕੇ,
ਤਾਜੀਆਂ ਖਾਂਦੇ ਸੀ
ਅੱਕ ਗਏ ਬੇਹੀਆਂ ਖਾ ਕੇ***


ਕਨੇਡਾ ਦੇ ਮੁੰਡੇ ਨਾਲ ਵਿਆਹ ਕਰਾ ਲਿਆ
ਮਾਪੇ ਝੱਟ-ਪੱਟ ਮੰਨੇ,
ਵਿੱਚ ਕਨੇਡਾ ਜਾ ਕੇ ਲੁਕ ਗਿਆ
ਨਾ ਲਾਈ ਕਿਸੇ ਬੰਨੇ,
ਚਰੀ ਦੇ ਟਾਂਡਿਆਂ ਨੂੰ
ਸਮਝ ਬੈਠੀ ਸਾਂ ਗੰਨੇ****


ਚਾਵਾਂ ਨਾਲ ਆਈ ਕਨੇਡੇ
ਧਰਤੀ ਪੈਰ ਨਾ ਲੱਗੇ
ਠੇਕੇਦਾਰ ਨੇ ਚੱਕ ਲੀ ਵੈਨ 'ਤੇ
ਬੁੜਾ ਚੂੰਡੀਆਂ ਵੱਡੇ
ਕਹਿੰਦਾ 'ਲਿਸਨ' ਕਰੀਂ ਪਤਲੋ
ਮੇਰੇ ਵਾਲ ਨਾ ਦੇਖੀਂ ਬੱਗੇ
ਵਹਿੜਕੇ ਹਾਲੀ ਚੰਗੇ ਨਾ ਹੁੰਦੇ
ਮੌਲੇ ਕੱਢਦੇ ਗੱਡੇ
ਫ਼ਸੀ ਦਾ ਫ਼ਟਕਣ ਕੀ
ਡੋਰੇ ਰੱਬ 'ਤੇ ਛੱਡੇ****


ਗੁਰੂਆਂ ਦੀ ਧਰਤੀ ਤੋਂ ਆਏ ਹਨੇਰਾ
ਧਰਮੀਂ ਆਪਣੇ ਆਪ ਨੂੰ ਮੰਨਦੇ
ਐਵੇਂ ਨਾ ਡਰ ਨੀ ਮੁਟਿਆਰੇ
ਭਾਂਡਾ ਬੁੜੇ ਦਾ ਭੰਨਦੇ
ਭਾਰ ਧਰਤੀ ਤੇ ਬੰਦੇ ਐਸੇ
ਵੈਰੀ ਹੁੰਦੇ ਅੰਨ ਦੇ
ਭੂਤ ਛਿੱਤਰਾਂ ਦੇ
ਗੱਲਾਂ ਨਾਲ ਨ੍ਹੀਂ ਮੰਨਦੇ******


ਉਹੀ ਵੈਨਕੂਵਰ, ਉਹੀ ਕਨੇਡਾ
ਜਿਥੋਂ ਮੋੜਿਆ ਕਾਮਾਗਾਟਾਮਾਰੂ
ਗੁਰਮੁਖੀ 'ਚ ਲੱਗੇ ਬੋਰਡ ਨੇ ਇਥੇ
ਪੰਜਾਬੀ ਹੋਗੇ ਨੇ ਹੁਣ ਭਾਰੂ
ਸਮਾਂ ਹੁੰਦੈ ਬਲਵਾਨ ਹਾਨਣੇ
ਬਹੁਤਿਆਂ ਦੁੱਖਾਂ ਦਾ ਦਾਰੂ*****


ਲੰਚ ਬਣਾਵਾਂ ਤੇਰਾ
ਉੱਠਾਂ ਪਹਿਰ ਦੇ ਤੜਕੇ
ਖਸਮਾਂ ਖਾਣੀ ਸੱਸ ਬੁਰੀ
ਬਿਜਲੀ ਵਾਂਗਰਾਂ ਕੜਕੇ!
ਅੰਗ ਅੰਗ ਰਹਿੰਦਾ ਦੁਖਦਾ
ਦੋ ਦੋ ਸ਼ਿਫ਼ਟਾਂ ਕਰਕੇ।
ਪੀ ਕੇ ਆਵੇਂ ਘਰ ਮਾਹੀਆ
ਰਾਤੀਂ ਸੌਂ ਜਾਨੈ ਤੂੰ ਲੜਕੇ
ਮੈਂ ਤਾਂ ਮਰਜੂੰ ਵੈਰੀਆ
ਸੀæ ਐਨ ਟਾਵਰ ਚੜ੍ਹਕੇ********





ਕਨੇਡਾ ਦੀ ਜੰਮ- ਪਲ ਪਿੰਕੀ
ਵੱਡੀ ਹੋਈ ਲਿਖ- ਪੜ੍ਹ ਕੇ,
ਪੇਂਡੂ ਜੱਟ ਨੂੰ ਵਿਆਹੀ ਮਾਪਿਆਂ
ਧੱਕਾ- ਮੁੱਕੀ ਕਰ ਕੇ,
ਅਣਪੜ੍ਹ ਮਾਹੀ ਕਹਿੰਦਾ:
ਕਰੇਂ ਗੱਲਾਂ ਗੋਰੇ ਕੋਲ ਖੜ ਕੇ,
ਘਰੇ ਆਈ ਪਿੰਕੀ ਕੁੱਟੀ
ਨਿਆਣੇ ਛੁੱਲ ਕੇ ਧਰ 'ਤੇ
ਗੁਆਂਡੀਆਂ ਨੌ ਸੋ ਯਾਰਾਂ ਘੁਮਾਇਆ
ਠਾਣਾ ਆ ਗਿਆ ਚੜ੍ਹ ਕੇ
ਛੁਡਾ ਲੈ ਬਾਪੂ ਉਏ
ਜ਼ਮੀਨ ਗਹਿਣੇ ਧਰ ਕੇ****


ਬਰਫ਼ੀਲੀ ਧਰਤੀ ਕਨੇਡਾ ਸੁਣੀਂਦੀ
ਭੈਣ ਨਾ ਕੋਈ ਭਰਾਤਾ
ਬਾਪੂ- ਬੇਬੇ ਆਗੇ ਕਨੇਡੇ
ਦਿਹਾੜੀ ਉਹਨਾਂ ਨੂੰ ਲਾ 'ਤਾ
ਚੰਦਰੀ ਕਨੇਡਾ ਨੇ
ਡਾਕਟਰ ਡਰੈਵਰ ਬਣਾ 'ਤਾ*******



ਚਾਵਾਂ ਦੇ ਨਾਲ ਪਾਲੀ ਮਾਪਿਆਂ
ਸੋਲਵੀਂ ਤੱਕ ਪੜ੍ਹਾਈ,
ਫਿਰ ਮਾਪੇ ਦੁਸ਼ਮਣ ਬਣਗੇ
ਕਨੇਡਾ ਅਣਪੜ੍ਹ ਨਾਲ ਵਿਆਈ,
ਸਾਰਾ ਟੱਬਰ ਗਿਆ ਕਨੇਡਾ
ਪੁਲ ਉਹ ਕੁੜੀ ਬਣਾਈ,
ਫ਼ਰੇਜ਼ਰ ਦਰਿਆ 'ਚ ਡੁੱਬ ਮਰੀ
ਪੰਜ ਦਰਿਆਵਾਂ ਦੀ ਜਾਈ******


'ਫੋਰਿਨ' ਪਹੁੰਚੇ ਪੰਜਾਬੀ
ਵਿੱਚ ਕਨੇਡਾ ਵਸਾਏ ਪੰਜਾਬ,
'ਫ਼ੀਮ, ਭੁੱਕੀ ਤੇ ਡੋਡੇ ਵਿਕਦੇ
ਵਿਕਦੀ ਐ ਦੇਸੀ ਸ਼ਰਾਬ,
ਅਫ਼ਸਰ ਬਣੋ, ਡਾਕਟਰ ਬਣੋ
ਕੰਮ ਡਰੱਗਾਂ ਵਾਲਾ ਖ਼ਰਾਬ,
ਪੰਜਾਬੀ ਪਹਿਰਾਵਾ ਦੁਨੀਆਂ ਜਾਣੇ
ਮੱਕੀ ਦੀ ਰੋਟੀ 'ਵਿੱਦ' ਸਾਗ,
ਮੇਰੀ ਬੋਲੀ ਦਾ
ਪੰਜਾਬੀ 'ਚ ਦੇਈਂ ਜੁਆਬ*****


ਸੁਹਣਾ ਦੇਸ ਕਨੇਡਾ ਸੁਣੀਂਦਾ
ਕਨੂੰਨ ਬਿਨ ਪੱਤ ਨਾ ਖੜਕੇ,
ਟਰਾਲਾ ਚਲਾਉਂਦੀ ਏ ਬੰਤੋ
ਬਣਗੀ ਡਾਕਟਰ ਰਾਣੋ ਪੜ੍ਹ ਕੇ,
ਲੀਡਰ ਲੈਂਦੇ ਨੇ
ਸਬਜ਼ੀ ਲਾਇਨ 'ਚ ਖੜ੍ਹ ਕੇ****


ਸਰਪੈਂਚ ਸਰਪੈਂਚਣੀ ਆਏ ਕਨੇਡੇ
ਬੁੜੇ ਨੂੰ ਧੀਅ ਵਿਆਹ ਕੇ,
'ਕਲੀਨ- ਅਪ' ਕਰੇ ਸਰਪੈਂਚਣੀ
ਮੂੰਹ 'ਤੇ 'ਮਾਸਕ' ਲਾਕੇ,
'ਚਾਹੁੰਦੀ' ਨੂੰ 'ਮੰਗਦੀ' ਬੋਲੇ
ਵਿੰਗਾ ਜਾ ਮੂੰਹ ਬਣਾ ਕੇ,
ਪਾਡੀਆਂ ਮਾਰੇ ਫ਼ੁਕਰੀ
ਪੰਜਾਬੀ 'ਚ 'ਗਰੇਜ਼ੀ ਰਲਾ ਕੇ****


ਬਰਫ਼ਾਂ ਦਾ ਹੈ ਦੇਸ ਕਨੇਡਾ
ਪੁੱਠੀਆਂ ਬਿਜਲੀ ਦੀਆਂ ਸੁੱਚਾਂ
ਜ਼ੈਲਦਰ ਏਥੇ ਕਰੇ ਦਿਹਾੜੀ
ਮਾਜੂ ਪੈਗੀਆਂ ਖੁੱਚਾਂ,
ਹੈਂਕੜ ਮਰਗੀ ਉਏ
ਡਿੱਗੀਆਂ ਰਹਿੰਦੀਆਂ ਮੁੱਛਾਂ*****





ਅੱਕ, ਨਿੰਮ ਤੇ ਕਿੱਕਰ ਹੈਨੀਂ
ਲਾਲ ਮੈਪਲ ਇਥੋਂ ਦਾ ਵਾਸੀ,
ਪਟਵਾਰੀ ਇਥੇ ਹੁੰਦੇ ਨਾ
ਬਚਨੋ ਕਰੇ ਬੈਂਕ ਦੀ ਰਾਖੀ,
ਠੇਕੇ 'ਤੇ ਕੁੜੀਆਂ ਵੇਚਣ ਬੋਤਲਾਂ
ਗੱਲ ਹੋਰ ਕੀ ਰਹਿਗੀ ਬਾਕੀ,
ਵੈਨਕੂਵਰ ਸੜਕਾਂ 'ਤੇ
ਅਸੀਂ ਮਨਾਈ ਵਿਸਾਖੀ******


ਕਾਲਜ ਨੂੰ ਜਾਂਦੀ ਪਿੰਕੀ
ਸੜਕ 'ਤੇ ਅੱਗਾਂ ਲਾ ਕੇ,
ਵਿਦੇਸ਼ੋਂ ਆਏ ਸ਼ਿਕਾਰੀ
ਲੈਗੇ ਪਿੰਜਰੇ ਪਾ ਕੇ,
ਗੁੱਤ ਸੱਪਣੀ ਮਾਰੇ ਫੁੰਕਾਰੇ
ਵੱਖੀ ਨਾਗ- ਵਲ ਪਾ ਕੇ,
ਜਾਨੀ ਦਿਲ ਦਾ ਲੱਭੇ
ਕੰਤ ਨੂੰ ਖੂੰਜੇ ਲਾ ਕੇ,
ਸਲਵਾਨ ਕਿਉਂ ਹੰਢਾਏ 'ਲੂਣਾ'
ਪਾਰ ਸਮੁੰਦਰ ਲਿਆ ਕੇ,
ਬੁਲ੍ਹੜ ਲਿਆਇਆ ਨ੍ਹੀਂ
ਸੀਲ ਮੋਰਨੀ ਵਿਆਹ *******


ਵਿੱਚ ਕਨੇਡਾ ਹਰ ਸ਼ੈ 'ਤੇ ਟੈਕਸ
ਬੋਤਲ ਲੈ ਲੋ ਚਾਹੇ ਸਲੂਣਾ,
ਟੈਕਸ ਜੇਬਾਂ ਨੂੰ ਆਏ ਖਾਂਦਾ
ਜਿਉਂ ਲੱਕੜੀ ਨੂੰ ਘੂਣਾ,
ਸਰਕਾਰੀ ਢਿੱਡ ਭਰਦਾ ਨ੍ਹੀਂ
ਫੇਰ ਵੀ ਰਹਿੰਦੈ ਊਣਾ****


ਕਨੇਡਾ ਦੇ ਪੇਪਰ ਭਰ 'ਤੇ
ਦਹਾਜੂ ਨਾਲ ਮੈਰਿਜ ਕਰਾ ਲੀ,
ਬੱਚੇ ਦਾ ਡੀæ ਐਨæ ਏ ਫੇਲ੍ਹ ਹੋਇਆ
ਪਾਲੋ ਬਹੁਤੇ ਮੁਲ੍ਹਾਜਿਆਂ ਵਾਲ਼ੀ,
ਰੋਗਣ ਹੋਗੀ ਵੈਰੀਆ
ਤੇਰੇ ਵਿਛੋੜਿਆਂ ਖ਼ਾ ਲੀ*****




ਪੂਰਨ ਆਜ਼ਾਦੀ ਇਹਨੂੰ ਕਹਿੰਦੇ
ਰਾਤੀਂ ਘੁੰਮੇ ਨਾਰੀ 'ਕੱਲੀ ਜਵਾਨ,
ਪੁਲਿਸ ਕਰੇਂਦੀ ਰਾਖੀ ਸਭਦੀ
ਕਾਇਮ ਰਹੇ ਫੁੱਲ ਸਨਮਾਨ,
ਝੰਡੇ ਲੰਬੜ ਗੋਰੀ ਛੇੜਤੀ
ਖਾਹ ਛਿੱਤਰ ਪੂਰੀ ਕੀਤੀ ਬਾਣ
ਲਾਲ ਝੰਡੇ ਵਾਲਾ ਜੀ
ਕਨੇਡਾ ਦੇਸ ਮਹਾਨ****


ਬਾਪੂ ਜਿੰਮ ਵੀ ਜਾਵੇ
'ਪੂਲ' ਚ ਨਾਉਂਦਾ ਚੋਰੀ ਚੋਰੀ,
ਅੰਗਰੇਜ਼ੀ ਉਹ ਨਾ ਜਾਣੇ
ਕਿਵੇਂ ਪਤਾ ਨੀ ਠੋਰੀ,
ਬਾਪੂ ਲਿਆਇਆ ਨੀ
ਸੋਹਣੀ ਬੇਬੇ ਗੋਰੀ*****






ਕਬੱਡੀ ਕਲੱਬ ਬਣਾ ਲਈ
ਜਾਅਲੀ ਖਿਡਾਰੀ ਪਾ ਕੇ,
ਵਿੱਚ ਮੈਦਾਨੇ ਚੋਬਰ ਡਿੱਗਿਆ
ਟੀਕੇ ਨਸ਼ੇ ਦੇ ਲਾ ਕੇ,
ਮਾਮੇ ਭੂਆ ਦੇ ਪੁੱਤ ਬੁਲਾ ਲੇ
ਕਨੇਡਾ ਚੋਰ-ਮੋਰੀ ਲੰਘਾ ਕੇ,
ਇਹਨਾਂ ਲੋਕਾਂ ਨੇ
ਵੀਜ਼ੇ ਬੰਦ ਕਰਾ 'ਤੇ*****


ਮੀਆਂ ਬੀਵੀ ਚਲਾਉਣ ਟਰਾਲਾ
ਕਮਾਈ ਕਰਦੇ ਮੋਟੀ,
ਰਜਾਈ, ਗਦੈਲਾ ਨਾਲ਼ ਰੱਖਿਆ
ਰੱਖੀ ਤੇੜ ਦੀ ਧੋਤੀ,
ਟੀæ ਵੀ, ਫਰਿੱਜ ਵਿੱਚ ਲੱਗਿਆ
ਗੱਲ ਕੋਈ ਨਾ ਖੋਟੀ,
ਵਿੱਚ ਈ ਚਾਹ ਬਣਦੀ
ਵਿੱਚੇ ਪਕਾਉਂਦੇ ਰੋਟੀ,
'ਕੱਠੇ ਹਰ- ਦਮ ਰਹਿੰਦੇ
ਵਿੱਚ ਮਾਲਾ ਦੇ ਮੋਤੀ*****




ਪਾਵੇ*** ਪਾਵੇ*** ਪਾਵੇ
ਗੱਲ ਸੋਲਾਂ ਆਨੇ ਹੋਵੇ ਸੱਚੀ
ਲੋੜ ਕਾਢ ਮਾਂ ਕਹਾਵੇ,
ਖੁਰਲੀ ਡੰਗਰਾਂ ਦੀ ਨਾ ਬਣਾਈ ਜੀਨ੍ਹੇ
ਵਿੱਚ ਕਨੇਡਾ 'ਬਿਲਡਰ' ਕਹਾਵੇ,
ਚੜ੍ਹ ਕੇ ਛੱਤ ਉੱਤੇ
ਕਰਤਾਰਾ ਮੇਖਾਂ ਲਾਵੇ****


ਪਰਦਾ*** ਪਰਦਾ*** ਪਰਦਾ
ਧੋਬੀ ਦਾ ਸੀ ਕੁੱਤਾ ਜਿਹੜਾ
ਘਾਟ ਦਾ ਨਾ ਘਰ ਦਾ,
ਕਨੇਡਾ ਆਈ ਰਾਸ ਓਸ ਨੂੰ
ਰਹਿੰਦਾ ਘਰ ਵਾਲੀ ਤੋਂ ਡਰਦਾ,
ਭਿੰਦਾ ਸਰਦਾਰਾਂ ਦਾ
ਹਲਵਾਈ ਦੇ ਜਲੇਬੀਆਂ ਤਲ਼ਦਾ*****

****************
ਗੁਰਮੇਲ ਬੀਰੋਕੇ