Monday, 24 February 2014
ਕਨੇਡਾ ਵਿੱਚ ਪੰਜਾਬੀ ਬੋਲੀਆਂ- 02
ਬੈੱਡ ਰੂਮ ਨਾ ਨਰਮਾਂ ਉੱਗੇ
ਬਾਥਰੂਮ ਨਾ ਜੀਰੀ
ਬਾਬਲ ਮੇਰੇ ਨੂੰ ਸੁਣਾਦੇ ਅੰਮੀਏ
ਮੇਰੀ ਅਰਜ਼ ਅਖੀਰੀ
ਨਾ ਕਨੇਡੇ ਵਿਆਹੇ ਮੈਂਨੂੰ
ਪਾਏ ਨਾ ਦੂਰ ਸ਼ਕੀਰੀ
ਨਾ ਉਥੇ ਮੋਰ ਬੋਲਦੇ
ਕੋਇਲਾਂ ਨਾ ਟਟਹੀਰੀ
ਨਾ ਸਹੇਲੀ ਨੂੰ ਸਹੇਲੀ ਲੱਭੇ
ਕੋਈ ਨਾ ਦੁੱਖਾਂ ਦਾ ਸੀਰੀ
ਜਿਉਂਦੇ ਜੀ ਵਿਛੋੜਾ ਮਾੜਾ
ਜੈ ਨੂੰ ਖਾਏ ਅਮੀਰੀ
"ਡਾਲੇ" ਦੀਆਂ ਚਮਕਾਂ ਨਾਲੋਂ
ਚੰਗੀ ਕਿਤੇ ਫ਼ਕੀਰੀ
ਕੰਮ ਕਨੇਡਾ ਦੇ
ਬੰਦੇ ਬਣੇ ਭੰਬੀਰੀ ---
*****
ਰਾਤ ਦਿਨ ਪੁੱਠੇ ਵਿੱਚ ਕਨੇਡਾ
ਪੁੱਠੇ ਇਥੇ ਧੰਦੇ
ਤੀਵੀਂ ਨੂੰ ਤੀਵੀਂ ਵਿਆਹੇ
ਬੰਦਾ ਵਿਆਹੇ ਬੰਦੇ
ਸੋਹਣੇ ਬੈੱਡ ਲੱਕੜ ਦੇ
ਨਵਾਰੀ ਹੈ ਨਾ ਮੰਜੇ
ਵੰਨ ਸਵੰਨੇ ਖਾਣੇ ਮਿਲਦੇ
ਦੋਗਲੇ ਆਲੂ ਗੰਢੇ
ਪਰਵਾਸੀ ਬਣਨਾਂ ਸੌਖਾ ਨ੍ਹੀਂ
ਚੱਲਣ ਮਨ ਉੱਤੇ ਰੰਦੇ
ਭਾਰਤੀ ਸਿਸਟਮ ਵਿਗੜ ਗਿਆ
ਲੀਡਰ ਹੋਗੇ ਗੰਦੇ
ਦਿਲ ਦੇ ਲੋਗੜ 'ਤੇ
ਰਜਾਈ ਵਾਂਗ ਨਗੰਦੇ ---
*****
ਮਸ਼ੀਨਾਂ ਵਰਗੀ ਜ਼ਿੰਦਗੀ ਇਥੇ
ਸਾਡੇ ਹਾਲ ਕਿਹੜਾ ਦੇਖੇ
ਤੇਰੇ ਵਿਛੋੜੇ ਪੱਟਤੀ ਮਿੱਤਰਾ
ਜਾਂਦੀ ਨਿੱਤ ਮੈਂ ਠੇਕੇ
ਸਹੁਰੇ ਮੇਰੇ ਬਣਨੇ ਨਾਹੀਂ
ਮੇਰੇ ਬਣੇ ਨਾ ਪੇਕੇ
ਲਾਲਚੀ ਮਾਪਿਆਂ ਕਨੇਡੇ ਵਿਆਹੀ
ਫੁੱਟਗੇ ਮੱਥੇ ਦੇ ਲੇਖੇ
ਤੇਰੀ ਵੇ ਸੰਧੂਰੀ ਪੱਗ ਦੇ
ਟਰਾਂਟੋ ਪੈਣ ਭੁਲੇਖੇ ---
******
ਗੁਰਮੇਲ ਬੀਰੋਕੇ
ਫੋਨ: 001-604-825-8053
Subscribe to:
Post Comments (Atom)
No comments:
Post a Comment